ਪ੍ਰਸਿੱਧ ਵੈੱਬ ਸੀਰੀਜ਼ 'ਆਸ਼ਰਮ' ਦੇ ਚੌਥੇ ਸੀਜ਼ਨ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਅਦਾਕਾਰ ਬੌਬੀ ਦਿਓਲ ਅਤੇ ਨਿਰਮਾਤਾ-ਨਿਰਦੇਸ਼ਕ ਪ੍ਰਕਾਸ਼ ਝਾਅ ਨੇ ਕੇਕ ਕੱਟ ਕੇ ਸ਼ੂਟਿੰਗ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਮੌਕੇ ਸੀਜ਼ਨ ਦੀ ਪੂਰੀ ਕਾਸਟ ਵੀ ਮੌਜੂਦ ਸੀ। ਕੇਕ 'ਤੇ 'ਜਪਨਾਮ, ਇਟਸ ਏ ਰੈਪ - ਆਸ਼ਰਮ ਸੀਜ਼ਨ 4' ਲਿਖਿਆ ਹੋਇਆ ਸੀ।
ਪ੍ਰਕਾਸ਼ ਝਾਅ ਪ੍ਰੋਡਕਸ਼ਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੂਟਿੰਗ ਪੂਰੀ ਹੋਣ ਦੀ ਜਾਣਕਾਰੀ ਸਾਂਝੀ ਕਰਦਿਆਂ 'ਆਸ਼ਰਮ 4' ਲਿਖੇ ਕਲੈਪਰਬੋਰਡ ਦੀ ਫੋਟੋ ਪੋਸਟ ਕੀਤੀ। ਇਹ ਕਲੈਪਰਬੋਰਡ ਪੂਜਾ ਖੇਤਰ ਵਿੱਚ ਰੱਖਿਆ ਗਿਆ ਸੀ। ਕੈਪਸ਼ਨ ਵਿੱਚ ਲਿਖਿਆ ਸੀ ਕਿ ਆਸ਼ਰਮ ਦੇ ਇੱਕ ਨਵੇਂ ਅਧਿਆਇ ਵਿੱਚ ਸਵਾਗਤ ਹੈ ਅਤੇ ਚੌਥੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਇਸ ਸੀਜ਼ਨ ਦੀ ਸ਼ੂਟਿੰਗ ਇਸ ਸਾਲ ਅਗਸਤ ਵਿੱਚ ਸ਼ੁਰੂ ਹੋਈ ਸੀ।
ਬੌਬੀ ਦਿਓਲ ਨੂੰ ਸ਼ੋਅ ਦੇ ਪਿਛਲੇ ਤਿੰਨ ਸੀਜ਼ਨਾਂ ਵਿੱਚ ਬਾਬਾ ਨਿਰਾਲਾ ਦੀ ਭੂਮਿਕਾ ਲਈ ਵਿਆਪਕ ਪ੍ਰਸ਼ੰਸਾ ਮਿਲੀ ਹੈ। ਉਨ੍ਹਾਂ ਦੀ ਭੂਮਿਕਾ ਵਿੱਚ ਵਾਪਸੀ ਦੇ ਨਾਲ ਆਸ਼ਰਮ 4 ਵਿੱਚ ਅਦਿਤੀ ਪੋਹਨਕਰ ਅਤੇ ਚੰਦਨ ਰਾਏ ਸਾਨਿਆਲ ਵੀ ਨਜ਼ਰ ਆਉਣਗੇ। ਦਰਸ਼ਨ ਕੁਮਾਰ, ਅਨੁਪ੍ਰਿਆ ਗੋਇਨਕਾ, ਈਸ਼ਾ ਗੁਪਤਾ, ਅਧਿਅਇਨ ਸੁਮਨ ਅਤੇ ਤ੍ਰਿਧਾ ਚੌਧਰੀ ਵੀ ਮੁੱਖ ਭੂਮਿਕਾਵਾਂ ਵਿੱਚ ਹੋਣਗੇ।
ਪ੍ਰਕਾਸ਼ ਝਾਅ ਦੁਆਰਾ ਨਿਰਦੇਸ਼ਤ ਆਸ਼ਰਮ ਬਾਬਾ ਨਿਰਾਲਾ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਆਪ ਨੂੰ ਪਰਮਾਤਮਾ ਦਾ ਦੂਤ ਦੱਸਦਾ ਹੈ ਅਤੇ ਰਾਜਨੀਤੀ, ਅਪਰਾਧ ਅਤੇ ਜਨਤਕ ਅੰਧਵਿਸ਼ਵਾਸ ਦਾ ਸ਼ੋਸ਼ਣ ਕਰਕੇ ਹਨੇਰੇ ਰਾਜ਼ਾਂ ਨਾਲ ਭਰਿਆ ਸਾਮਰਾਜ ਬਣਾਉਂਦਾ ਹੈ। ਸੀਰੀਜ਼ ਦਾ ਪਹਿਲਾ ਸੀਜ਼ਨ 28 ਅਗਸਤ 2020 ਨੂੰ MX ਪਲੇਅਰ 'ਤੇ ਰਿਲੀਜ਼ ਹੋਇਆ ਸੀ, ਦੂਜਾ ਸੀਜ਼ਨ 11 ਨਵੰਬਰ 2020 ਨੂੰ ਅਤੇ ਤੀਜਾ ਸੀਜ਼ਨ ਜੂਨ 2022 ਵਿੱਚ ਆਇਆ ਸੀ। ਜਾਣਕਾਰੀ ਅਨੁਸਾਰ ਚੌਥਾ ਸੀਜ਼ਨ 2026 ਦੇ ਅਖੀਰ ਜਾਂ 2027 ਦੇ ਸ਼ੁਰੂ ਵਿੱਚ ਰਿਲੀਜ਼ ਹੋ ਸਕਦਾ ਹੈ।
