ਖਗੋਲ ਵਿਗਿਆਨੀਆਂ ਮੁਤਾਬਕ ਧਰਤੀ ਨੂੰ ਇੱਕ ਨਵਾਂ ਮਿੰਨੀ-ਮੂਨ ਮਿਲਿਆ ਹੈ। ਛੋਟੇ ਗ੍ਰਹਿ (ਐਸਟਰਾਇਡ) 2026 QQ8 ਨੂੰ ਸਭ ਤੋਂ ਪਹਿਲਾਂ ਅਗਸਤ ਵਿੱਚ ਹੰਗਰੀ ਦੇ ਖਗੋਲ ਵਿਗਿਆਨੀ ਕ੍ਰਿਸਟੀਅਨ ਸਾਰਨੇਜ਼ਕੀ ਨੇ ਦੇਖਿਆ ਸੀ, ਪਰ ਇੰਟਰਨੈਸ਼ਨਲ ਐਸਟ੍ਰੋਨਾਮਿਕਲ ਯੂਨੀਅਨ ਦੇ ਮਾਈਨਰ ਪਲੈਨਟ ਸੈਂਟਰ ਨੇ ਪਿਛਲੇ ਮਹੀਨੇ ਹੀ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦਾ ਆਕਾਰ ਲਗਭਗ 1-2 ਮੀਟਰ ਹੈ ਅਤੇ ਇਹ ਧਰਤੀ ਤੋਂ 500,000 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਹੈ, ਯਾਨੀ ਚੰਦ ਤੋਂ ਵੀ ਕਿਤੇ ਜ਼ਿਆਦਾ ਦੂਰ।
ਮਿੰਨੀ-ਮੂਨ ਅਜਿਹੇ ਛੋਟੇ ਐਸਟਰਾਇਡ ਹੁੰਦੇ ਹਨ, ਜੋ ਧਰਤੀ ਦੀ ਗੁਰੂਤਾ ਖਿੱਚ ਵਿੱਚ ਫਸ ਜਾਂਦੇ ਹਨ ਅਤੇ ਕੁਝ ਸਮੇਂ ਲਈ ਸਾਡੇ ਗ੍ਰਹਿ ਦੁਆਲੇ ਚੱਕਰ ਲਗਾਉਣ ਲੱਗਦੇ ਹਨ। ਖਗੋਲ ਵਿਗਿਆਨੀਆਂ ਦਾ ਮੰਨਣਾ ਹੈ ਕਿ 2026 QQ8 ਅਪ੍ਰੈਲ ਵਿੱਚ ਧਰਤੀ ਦੀ ਗੁਰੂਤਾ ਖਿੱਚ ਵਿੱਚ ਆਇਆ ਸੀ ਅਤੇ ਉਮੀਦ ਹੈ ਕਿ ਇਹ ਅਗਲੇ ਕੁਝ ਮਹੀਨਿਆਂ ਵਿੱਚ ਇਸ ਤੋਂ ਬਾਹਰ ਨਿੱਕਲ ਜਾਵੇਗਾ।
ਮਿੰਨੀ-ਮੂਨ ਧਰਤੀ ਦੇ ਇਕਲੌਤੇ ਅਸਥਾਈ ਖਗੋਲੀ ਸਾਥੀ ਨਹੀਂ ਹਨ। ਕਵਾਜ਼ੀ-ਮੂਨ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਹੈ, ਕਿਉਂਕਿ ਧਰਤੀ ਤੋਂ ਦੇਖਣ 'ਤੇ ਲੱਗਦਾ ਹੈ ਕਿ ਉਹ ਸਾਡੇ ਚੰਦ ਵਾਂਗ ਧਰਤੀ ਦੁਆਲੇ ਚੱਕਰ ਲਗਾ ਰਹੇ ਹਨ, ਪਰ ਅਸਲ ਵਿੱਚ ਇਹ ਐਸਟਰਾਇਡ ਹਨ, ਜੋ ਧਰਤੀ ਦੇ ਨਾਲ-ਨਾਲ ਸੂਰਜ ਦਾ ਚੱਕਰ ਲਗਾ ਰਹੇ ਹਨ। ਇਸ ਦੀ ਇੱਕ ਤਾਜ਼ਾ ਮਿਸਾਲ 2025 PN7 ਹੈ, ਜਿਸ ਦੀ ਖੋਜ ਪਿਛਲੇ ਸਾਲ ਅਗਸਤ ਵਿੱਚ ਹੋਈ ਸੀ ਅਤੇ ਇਹ ਦਹਾਕਿਆਂ ਤੋਂ ਲਗਭਗ ਧਰਤੀ ਦੇ ਨਾਲ-ਨਾਲ ਚੱਲ ਰਿਹਾ ਹੈ। ਖਗੋਲ ਵਿਗਿਆਨੀ ਡਾ. ਜੈਨੀਫਰ ਮਿਲਾਰਡ ਮੁਤਾਬਕ ਕਵਾਜ਼ੀ-ਮੂਨ ਅਸਲ ਵਿੱਚ ਸਾਡੇ ਚੰਦ ਵਾਂਗ ਧਰਤੀ ਦਾ ਚੱਕਰ ਨਹੀਂ ਲਗਾਉਂਦੇ, ਸਿਰਫ਼ ਸਾਡੇ ਆਸ-ਪਾਸ ਮੌਜੂਦ ਹੁੰਦੇ ਹਨ।
ਪਲੈਨੇਟਰੀ ਸੋਸਾਇਟੀ ਮੁਤਾਬਕ 2026 QQ8 ਦੀ ਖੋਜ ਤੋਂ ਪਹਿਲਾਂ ਅਜਿਹੇ ਸਿਰਫ਼ ਚਾਰ ਮਿੰਨੀ-ਮੂਨ ਦੇਖੇ ਗਏ ਸਨ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਅੱਜ ਧਰਤੀ ਦੀ ਪਰਿਕਰਮਾ ਨਹੀਂ ਕਰ ਰਿਹਾ। 2026 QQ8 ਤੋਂ ਪਹਿਲਾਂ ਅਗਸਤ 2024 ਵਿੱਚ 2024 PT5 ਨਾਂ ਦਾ ਲਗਭਗ 10 ਮੀਟਰ ਲੰਬਾ ਮਿੰਨੀ-ਮੂਨ ਦੇਖਿਆ ਗਿਆ ਸੀ, ਜੋ ਧਰਤੀ ਦੇ ਨੇੜੇ ਸਿਰਫ਼ ਕੁਝ ਮਹੀਨੇ ਰਿਹਾ ਅਤੇ ਫਿਰ ਵਾਪਸ ਡੂੰਘੇ ਪੁਲਾੜ ਵਿੱਚ ਚਲਾ ਗਿਆ। ਡਾ. ਮਿਲਾਰਡ ਦੱਸਦੇ ਹਨ ਕਿ ਖਗੋਲੀ ਪੈਮਾਨਿਆਂ ਮੁਤਾਬਕ ਇਹ ਧਰਤੀ ਦੇ ਨੇੜੇ ਲੱਗਦੇ ਹਨ, ਪਰ ਕਦੇ ਵੀ ਇੰਨੇ ਨੇੜੇ ਨਹੀਂ ਆਉਂਦੇ ਕਿ ਇਨ੍ਹਾਂ ਤੋਂ ਕੋਈ ਖ਼ਤਰਾ ਹੋਵੇ।
