ਜਿਨਸੀ ਅਪਰਾਧਾਂ ਦੇ ਮੁਲਜ਼ਮ ਕਰਾਰ ਦਿੱਤੇ ਗਏ ਜੈਫਰੀ ਐਪਸਟੀਨ ਦੀ ਜੇਲ੍ਹ ਵਿੱਚ ਹੋਈ ਮੌਤ ਬਾਰੇ ਇੱਕ ਫੋਰੈਂਸਿਕ ਮਾਹਰ ਨੇ ਦਾਅਵਾ ਕੀਤਾ ਹੈ ਕਿ ਉਹ ਖ਼ੁਦਕੁਸ਼ੀ ਨਹੀਂ ਸੀ, ਸਗੋਂ ਕਤਲ ਦਾ ਨਤੀਜਾ ਸੀ। ਬੀਬੀਸੀ ਦੇ ਪ੍ਰੋਗਰਾਮ 'ਨਿਊਜ਼ਨਾਈਟ' ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਮਾਈਕਲ ਫ੍ਰੀਮੈਨ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਦੇ ਮੈਡੀਕਲ ਜਾਂਚ ਅਧਿਕਾਰੀ ਦੀਆਂ ਫਾਈਲਾਂ ਦੀ ਸਮੀਖਿਆ ਤੋਂ ਬਾਅਦ ਉਨ੍ਹਾਂ ਦਾ ਮੰਨਣਾ ਹੈ ਕਿ ਐਪਸਟੀਨ ਦਾ ਗਲਾ ਘੁੱਟਿਆ ਗਿਆ ਸੀ ਅਤੇ ਸਭ ਤੋਂ ਵੱਧ ਸੰਭਾਵਨਾ ਇਹ ਹੈ ਕਿ ਅਜਿਹਾ ਪਿੱਛਲੇ ਪਾਸਿਓਂ ਕੀਤਾ ਗਿਆ।
ਫ੍ਰੀਮੈਨ ਨੇ ਆਪਣੇ ਨਤੀਜੇ ਐਪਸਟੀਨ ਦੀ ਲਾਸ਼ ਨੂੰ ਖ਼ੁਦ ਦੇਖੇ ਬਿਨਾਂ, ਮੈਡੀਕਲ ਜਾਂਚ ਅਧਿਕਾਰੀ ਦੀ ਰਿਪੋਰਟ ਵਿੱਚ ਸ਼ਾਮਲ ਦਸਤਾਵੇਜ਼ਾਂ ਅਤੇ ਤਸਵੀਰਾਂ ਦੇ ਆਧਾਰ 'ਤੇ ਕੱਢੇ। ਇਹ ਦਸਤਾਵੇਜ਼ ਉਨ੍ਹਾਂ ਨੂੰ ਐਪਸਟੀਨ ਦੇ ਭਰਾ ਮਾਰਕ ਐਪਸਟੀਨ ਨੇ ਮੁਹੱਈਆ ਕਰਵਾਏ ਸਨ। ਫ੍ਰੀਮੈਨ ਮੁਤਾਬਕ ਉਨ੍ਹਾਂ ਦਾ ਵਿਸ਼ਲੇਸ਼ਣ ਸੁਤੰਤਰ ਹੈ ਅਤੇ ਮਾਰਕ ਐਪਸਟੀਨ ਨੇ ਇਸ ਲਈ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ। ਉਨ੍ਹਾਂ ਦੀ ਖੋਜ ਦੀ ਹਾਲੇ ਤੱਕ ਮਾਹਰਾਂ ਵੱਲੋਂ ਸਮੀਖਿਆ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਸ਼ਲੇਸ਼ਣ ਵਿੱਚ ਐਪਸਟੀਨ 'ਤੇ ਹਮਲੇ ਦੇ ਸੰਕੇਤ ਮਿਲੇ ਹਨ, ਜਿਨ੍ਹਾਂ ਵਿੱਚ ਖੱਬੇ ਮੋਢੇ 'ਤੇ ਅੰਦਰੂਨੀ ਖ਼ੂਨ ਵਗਣ ਦੇ ਗੰਭੀਰ ਨਿਸ਼ਾਨ ਅਤੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗਰਦਨ 'ਤੇ ਫੰਦੇ ਦੇ ਨਿਸ਼ਾਨਾਂ ਦੇ ਉੱਪਰ ਨਹੁੰਆਂ ਦੇ ਨਿਸ਼ਾਨ ਵੀ ਦਿਖਾਈ ਦਿੰਦੇ ਹਨ, ਜੋ ਗਲਾ ਘੁੱਟੇ ਜਾਣ ਅਤੇ ਪੀੜਤ ਵੱਲੋਂ ਫੰਦਾ ਹਟਾਉਣ ਦੀ ਕੋਸ਼ਿਸ਼ ਵੱਲ ਇਸ਼ਾਰਾ ਕਰਦੇ ਹਨ।
ਹਾਲਾਂਕਿ, 2019 ਵਿੱਚ ਐਪਸਟੀਨ ਦਾ ਪੋਸਟਮਾਰਟਮ ਕਰਨ ਵਾਲੇ ਮੈਡੀਕਲ ਜਾਂਚ ਅਧਿਕਾਰੀ ਨੇ ਸਿੱਟਾ ਕੱਢਿਆ ਸੀ ਕਿ ਸਰੀਰ 'ਤੇ ਮਿਲੀਆਂ ਸੱਟਾਂ ਖ਼ੁਦਕੁਸ਼ੀ ਨਾਲ ਮੇਲ ਖਾਂਦੀਆਂ ਸਨ। ਜਾਂਚ ਅਧਿਕਾਰੀ ਮੁਤਾਬਕ, ਗਲਾ ਘੁੱਟ ਕੇ ਕਤਲ ਦੀ ਸੂਰਤ ਵਿੱਚ ਬਚਾਅ ਦੀ ਕੋਸ਼ਿਸ਼ ਦੌਰਾਨ ਲੱਗਣ ਵਾਲੀਆਂ ਸੱਟਾਂ ਵੱਲ ਇਸ਼ਾਰਾ ਕਰਨ ਵਾਲਾ ਕੋਈ ਸਬੂਤ ਨਹੀਂ ਮਿਲਿਆ ਸੀ। ਪੋਸਟਮਾਰਟਮ ਸਮੇਂ ਮੁੱਖ ਮੈਡੀਕਲ ਜਾਂਚ ਅਧਿਕਾਰੀ ਰਹੇ ਡਾਕਟਰ ਬਾਰਬਰਾ ਸੈਮਪਸਨ ਨੇ ਐਪਸਟੀਨ ਦੀ ਮੌਤ ਨੂੰ ਖ਼ੁਦਕੁਸ਼ੀ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਮੌਤ ਦੇ ਕਾਰਨ ਅਤੇ ਤਰੀਕੇ ਬਾਰੇ ਆਪਣੇ ਸਿੱਟੇ 'ਤੇ ਪੂਰੀ ਤਰ੍ਹਾਂ ਕਾਇਮ ਹਨ। ਬੀਬੀਸੀ ਨੇ ਇਸ ਮਾਮਲੇ 'ਤੇ ਉਨ੍ਹਾਂ ਦੀ ਨਵੀਂ ਪ੍ਰਤੀਕਿਰਿਆ ਮੰਗੀ ਹੈ।
ਜੈਫਰੀ ਐਪਸਟੀਨ 10 ਅਗਸਤ 2019 ਨੂੰ ਨਿਊਯਾਰਕ ਦੀ ਜੇਲ੍ਹ ਵਿੱਚ ਮ੍ਰਿਤਕ ਮਿਲੇ ਸਨ, ਜਦੋਂ ਉਹ ਜਿਨਸੀ ਤਸਕਰੀ ਦੇ ਇਲਜ਼ਾਮਾਂ ਤਹਿਤ ਮੁਕੱਦਮੇ ਦੀ ਉਡੀਕ ਕਰ ਰਹੇ ਸਨ। ਨਿਆਂ ਵਿਭਾਗ ਦੀ ਜਾਂਚ ਮੁਤਾਬਕ, ਉਨ੍ਹਾਂ ਦੀ ਮੌਤ ਤੋਂ ਇੱਕ ਮਹੀਨਾ ਪਹਿਲਾਂ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਣ ਵਾਸਤੇ ਕੁਝ ਸਮੇਂ ਲਈ ਨਿਗਰਾਨੀ ਹੇਠ ਰੱਖਿਆ ਗਿਆ ਸੀ। ਫ੍ਰੀਮੈਨ ਨੇ ਕਿਹਾ ਕਿ ਜੇਕਰ ਸਬੂਤਾਂ ਬਾਰੇ ਉਨ੍ਹਾਂ ਦੀ ਵਿਆਖਿਆ ਸਹੀ ਹੈ ਤਾਂ ਐਪਸਟੀਨ ਦਾ ਕਤਲ ਕਿਸ ਨੇ ਕੀਤਾ ਹੋਵੇਗਾ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਅਤੇ ਇਹ ਉਨ੍ਹਾਂ ਦੀ ਕਿਸੇ ਜਾਂਚ ਦਾ ਹਿੱਸਾ ਨਹੀਂ ਰਿਹਾ।
