ਪੂਰਬੀ ਲੰਡਨ ਦੇ 56 ਸਾਲਾ ਕਾਸ਼ਿਮ ਚੌਧਰੀ ਨੂੰ ਧੋਖਾਧੜੀ ਦੇ ਨੌਂ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਰਕਾਰੀ ਵਕੀਲਾਂ ਮੁਤਾਬਕ ਉਨ੍ਹਾਂ ਨੇ 2020 ਤੋਂ 2023 ਦਰਮਿਆਨ ਜਨਤਕ ਖੇਤਰ ਵਿੱਚ ਅੱਠ ਫੁੱਲ-ਟਾਈਮ ਅਹੁਦਿਆਂ 'ਤੇ ਕੰਮ ਕੀਤਾ, ਜਿਨ੍ਹਾਂ ਦੇ ਸਮੇਂ ਆਪਸ ਵਿੱਚ ਟਕਰਾਉਂਦੇ ਸਨ, ਅਤੇ ਇਨ੍ਹਾਂ ਤੋਂ ਕੁੱਲ 350,000 ਪੌਂਡ (ਲਗਭਗ 4 ਕਰੋੜ 34 ਲੱਖ ਰੁਪਏ) ਕਮਾਏ। 2023 ਵਿੱਚ ਉਨ੍ਹਾਂ ਕੋਲ ਇੱਕੋ ਸਮੇਂ ਪੰਜ ਸਰਕਾਰੀ ਨੌਕਰੀਆਂ ਸਨ ਅਤੇ ਟੈਕਸਦਾਤਿਆਂ ਦੇ ਪੈਸੇ ਵਿੱਚੋਂ 284,000 ਪੌਂਡ (ਲਗਭਗ 3 ਕਰੋੜ 50 ਲੱਖ ਰੁਪਏ) ਤੋਂ ਵੱਧ ਦੀ ਕਮਾਈ ਕੀਤੀ।

ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਚੌਧਰੀ ਨੇ ਨੌਕਰੀ ਦੀਆਂ ਅਰਜ਼ੀਆਂ ਵਿੱਚ ਆਪਣੀ ਰੁਜ਼ਗਾਰ ਸਥਿਤੀ ਬਾਰੇ ਗ਼ਲਤ ਜਾਣਕਾਰੀ ਦਿੱਤੀ ਅਤੇ ਇਹ ਨਹੀਂ ਦੱਸਿਆ ਕਿ ਉਹ ਪਹਿਲਾਂ ਹੀ ਸਰਕਾਰੀ ਮੁਲਾਜ਼ਮ ਹਨ। ਨੌਕਰੀ ਮਿਲਣ ਤੋਂ ਬਾਅਦ ਵੀ ਉਨ੍ਹਾਂ ਆਪਣੇ ਐਂਪਲਾਇਰਾਂ ਨੂੰ ਇਹ ਨਹੀਂ ਦੱਸਿਆ ਕਿ ਉਹ ਹੋਰ ਥਾਂ ਵੀ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਕਿਉਂਕਿ ਉਨ੍ਹਾਂ ਦੱਸਿਆ ਸੀ ਕਿ ਉਹ ਆਪਣੀ ਮਾਂ ਦੀ ਦੇਖਭਾਲ ਕਰ ਰਹੇ ਹਨ।

ਸੀਪੀਐੱਸ ਦੇ ਮਾਹਰ ਸਰਕਾਰੀ ਵਕੀਲ ਸਾਰਾ ਮੇਲੋ ਨੇ ਕਿਹਾ ਕਿ ਇਹ ਲਗਾਤਾਰ ਅਤੇ ਜਾਣਬੁੱਝ ਕੇ ਕੀਤੀ ਗਈ ਬੇਈਮਾਨੀ ਸੀ। ਉਨ੍ਹਾਂ ਕਿਹਾ ਕਿ ਚੌਧਰੀ ਜਾਣਦੇ ਸੀ ਕਿ ਉਹ ਇੱਕੋ ਸਮੇਂ ਕਈ ਫੁੱਲ-ਟਾਈਮ ਅਹੁਦਿਆਂ 'ਤੇ ਕਾਨੂੰਨੀ ਤੌਰ 'ਤੇ ਕੰਮ ਨਹੀਂ ਕਰ ਸਕਦੇ, ਪਰ ਉਹ ਜੋ ਕਰ ਰਹੇ ਸਨ, ਉਸ ਨੂੰ ਲੁਕਾਉਂਦੇ ਰਹੇ। ਸਰਕਾਰੀ ਵਕੀਲ ਲੂਸੀ ਔਰਗਨ ਨੇ ਜਿਊਰੀ ਨੂੰ ਕਿਹਾ ਕਿ ਚੌਧਰੀ ਨੇ ਸਬੂਤ ਦਿੰਦੇ ਸਮੇਂ ਸਹੁੰ ਚੁੱਕਣ ਤੋਂ ਬਾਅਦ ਵੀ ਝੂਠ ਬੋਲਿਆ।

ਡੇਫਰਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਚੌਧਰੀ ਨੇ ਇੱਕ ਸਰਕਾਰੀ ਮੁਲਾਜ਼ਮ ਵਜੋਂ ਮਿਲੇ ਭਰੋਸੇ ਦਾ ਗ਼ਲਤ ਫਾਇਦਾ ਚੁੱਕਿਆ ਹੈ ਅਤੇ ਉਨ੍ਹਾਂ ਵੱਲੋਂ ਕੀਤੀ ਨਾਜਾਇਜ਼ ਕਮਾਈ ਵਾਪਸ ਹਾਸਿਲ ਕਰਨ ਲਈ ਸਾਰੇ ਉਪਲਬਧ ਕਾਨੂੰਨੀ ਰਸਤੇ ਅਪਣਾਏ ਜਾਣਗੇ। ਸੱਤ ਘੰਟੇ ਤੱਕ ਵਿਚਾਰ-ਵਟਾਂਦਰੇ ਤੋਂ ਬਾਅਦ ਜਿਊਰੀ ਨੇ ਚੌਧਰੀ ਨੂੰ ਸਰਬਸੰਮਤੀ ਨਾਲ ਗ਼ਲਤ ਜਾਣਕਾਰੀ ਦੇ ਕੇ ਧੋਖਾਧੜੀ ਕਰਨ ਦੇ ਅੱਠ ਮਾਮਲਿਆਂ ਅਤੇ ਜਾਣਕਾਰੀ ਲੁਕਾ ਕੇ ਧੋਖਾਧੜੀ ਕਰਨ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ। ਜੱਜ ਨੇ ਕਿਹਾ ਕਿ ਚੌਧਰੀ ਨੂੰ ਕਾਫ਼ੀ ਲੰਬੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਅਤੇ ਅਪਰਾਧ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ।