ਦਿੱਲੀ ਵਿੱਚ ਸੋਨੀਆ ਗਾਂਧੀ ਦੀ ਕਿਤਾਬ "ਬਿਲੌਂਗਿੰਗ: ਏ ਜਰਨੀ ਆਫ ਲਵ" ਦੀ ਲਾਂਚਿੰਗ ਦੌਰਾਨ ਰਾਹੁਲ ਗਾਂਧੀ ਨੇ ਆਪਣੇ ਮਾਪਿਆਂ ਦੇ ਪਿਆਰ ਅਤੇ ਘਰੇਲੂ ਜੀਵਨ ਨਾਲ ਜੁੜੇ ਕਿੱਸੇ ਸੁਣਾਏ, ਜਿਨ੍ਹਾਂ 'ਤੇ ਸੋਸ਼ਲ ਮੀਡੀਆ ਉੱਤੇ ਵੱਡੀ ਬਹਿਸ ਛਿੜ ਗਈ। ਰਾਹੁਲ ਨੇ ਦੱਸਿਆ ਕਿ ਭੋਜਨ ਵੇਲੇ ਉਨ੍ਹਾਂ ਦੀ ਮਾਂ ਪਿਤਾ ਦੀ ਗੋਦ ਵਿੱਚ ਬੈਠ ਜਾਂਦੀ ਸੀ ਅਤੇ ਬਚਪਨ ਵਿੱਚ ਉਨ੍ਹਾਂ ਨੂੰ ਇਹ ਗੱਲ ਆਮ ਲੱਗਦੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਾਂ ਬਦਲ ਗਈ ਸੀ। ਇਸ ਦੌਰਾਨ ਸੋਨੀਆ ਗਾਂਧੀ ਅਤੇ ਹਾਲ ਵਿੱਚ ਬੈਠੇ ਕਈ ਲੋਕ ਭਾਵੁਕ ਨਜ਼ਰ ਆਏ।

ਰਾਹੁਲ ਗਾਂਧੀ ਨੇ ਇੱਕ ਹੋਰ ਕਿੱਸਾ ਸੁਣਾਉਂਦਿਆਂ ਪਹਿਲੀ ਸਫ਼ ਵਿੱਚ ਬੈਠੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਬੀਜੇਪੀ ਆਗੂ ਅਮਰਿੰਦਰ ਸਿੰਘ ਵੱਲ ਦੇਖ ਕੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਸਿਰਫ਼ ਇੱਕ ਵਾਰ ਲੜਦਿਆਂ ਦੇਖਿਆ ਸੀ, ਜਦੋਂ ਉਨ੍ਹਾਂ ਦੇ ਪਿਤਾ ਅਮਰਿੰਦਰ ਸਿੰਘ ਨਾਲ ਫ਼ੋਨ 'ਤੇ ਗੱਲ ਕਰ ਰਹੇ ਸਨ।

ਸੋਸ਼ਲ ਮੀਡੀਆ ਉੱਤੇ ਇਨ੍ਹਾਂ ਟਿੱਪਣੀਆਂ ਦੀ ਆਲੋਚਨਾ ਵੀ ਹੋਈ ਅਤੇ ਕਈ ਯੂਜ਼ਰਸ ਨੇ ਰਾਹੁਲ ਗਾਂਧੀ ਦਾ ਪੱਖ ਲਿਆ। ਅਸਾਮ ਦੇ ਮੁੱਖ ਮੰਤਰੀ ਅਤੇ ਬੀਜੇਪੀ ਆਗੂ ਹੇਮੰਤ ਬਿਸਵਾ ਸਰਮਾ ਨੇ ਐਕਸ ਉੱਤੇ ਪੋਸਟ ਪਾ ਕੇ ਲਿਖਿਆ ਕਿ ਰਾਹੁਲ ਆਪਣੀ ਜ਼ਿੰਦਗੀ ਦੇ ਖ਼ਾਸ ਦਿਨ 'ਤੇ ਵੀ ਸੋਨੀਆ ਗਾਂਧੀ ਨੂੰ ਸ਼ਰਮਿੰਦਾ ਕਰਨ ਤੋਂ ਬਾਜ਼ ਨਹੀਂ ਆਏ। ਉਨ੍ਹਾਂ ਦੀ ਟਿੱਪਣੀ 'ਤੇ ਵੀ ਕਈ ਯੂਜ਼ਰਸ ਨੇ ਆਲੋਚਨਾ ਕੀਤੀ।

ਰਾਹੁਲ ਗਾਂਧੀ ਨੇ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਡਰ, ਗੁੱਸੇ ਅਤੇ ਨਫ਼ਰਤ ਨੇ ਭਾਜਪਾ ਅਤੇ ਆਰਐੱਸਐੱਸ ਦੇ ਸਮਰਥਕਾਂ ਦੇ ਦਿਲਾਂ ਵਿੱਚ ਜਾਲ ਬੁਣ ਦਿੱਤਾ ਹੈ, ਜੋ ਉਨ੍ਹਾਂ ਨੂੰ ਪਿਆਰ ਮਹਿਸੂਸ ਕਰਨ ਅਤੇ ਇਸ ਦਾ ਇਜ਼ਹਾਰ ਕਰਨ ਤੋਂ ਰੋਕਦਾ ਹੈ। ਕਾਂਗਰਸੀ ਆਗੂ ਸੁਪ੍ਰਿਆ ਸ਼੍ਰੀਨੇਤ ਨੇ ਵੀ ਐਕਸ ਉੱਤੇ ਪੋਸਟ ਪਾ ਕੇ ਲਿਖਿਆ ਕਿ ਪਿਆਰ ਦਾ ਇਜ਼ਹਾਰ ਕਰਨਾ ਅਤੇ ਬੱਚਿਆਂ ਦਾ ਅਜਿਹੇ ਮਾਪਿਆਂ ਨੂੰ ਦੇਖਦੇ ਹੋਏ ਵੱਡੇ ਹੋਣਾ ਖੂਬਸੂਰਤ ਹੀ ਨਹੀਂ, ਸਗੋਂ ਕ੍ਰਾਂਤੀਕਾਰੀ ਗੱਲ ਹੈ।