ਜੁਲਾਈ 1799 ਵਿੱਚ 18 ਸਾਲਾ ਰਣਜੀਤ ਸਿੰਘ ਲਾਹੌਰ ਵੱਲ ਵਧ ਰਹੇ ਸਨ। ਉਸ ਵੇਲੇ ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ ਹੋਵੇਗੀ ਕਿ ਇਹੀ ਨੌਜਵਾਨ ਕੁਝ ਸਾਲਾਂ ਬਾਅਦ ਇੱਕ ਅਜਿਹੇ ਰਾਜ ਦਾ ਮਹਾਰਾਜਾ ਬਣੇਗਾ, ਜਿਸ ਦੀ ਰਾਜਧਾਨੀ ਲਾਹੌਰ ਹੋਵੇਗੀ ਅਤੇ ਜਿਸ ਦਾ ਵਿਸਥਾਰ ਕਸ਼ਮੀਰ ਤੋਂ ਥਾਰ ਮਾਰੂਥਲ ਤੱਕ ਅਤੇ ਖ਼ੈਬਰ ਤੋਂ ਸਤਲੁਜ ਦਰਿਆ ਤੱਕ ਹੋਵੇਗਾ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲਾ ਵਿਖੇ ਹੋਇਆ ਸੀ। ਮੁਗ਼ਲ ਸਾਮਰਾਜ ਦੇ ਪਤਨ ਨਾਲ ਪੰਜਾਬ ਵਿੱਚ 14 ਅਰਧ-ਖ਼ੁਦਮੁਖ਼ਤਿਆਰ ਰਿਆਸਤਾਂ ਕਾਇਮ ਹੋਈਆਂ, ਜਿਨ੍ਹਾਂ ਵਿੱਚੋਂ 12 'ਤੇ ਸਿੱਖ ਮਿਸਲਾਂ ਦਾ ਰਾਜ ਸੀ। ਇਨ੍ਹਾਂ ਵਿੱਚ ਰਣਜੀਤ ਸਿੰਘ ਦੇ ਪਿਤਾ ਦੀ 'ਸ਼ੁਕਰਚੱਕੀਆ ਮਿਸਲ' ਵੀ ਸ਼ਾਮਲ ਸੀ, ਜਿਸ ਦੇ ਅਧੀਨ ਗੁਜਰਾਂਵਾਲਾ ਅਤੇ ਆਲੇ-ਦੁਆਲੇ ਦੇ ਪਿੰਡ ਆਉਂਦੇ ਸਨ। ਰਣਜੀਤ ਸਿੰਘ ਦੀ ਉਮਰ ਮਹਿਜ਼ 12 ਸਾਲ ਸੀ, ਜਦੋਂ 1792 ਵਿੱਚ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ।
ਅਮਰੀਕਾ ਦੀ ਯੂਨੀਵਰਸਿਟੀ ਆਫ਼ ਅਲਾਬਾਮਾ ਵਿੱਚ ਇਤਿਹਾਸ ਦੇ ਪ੍ਰੋਫੈਸਰ ਮੈਥਿਊ ਲੌਕਵੁੱਡ ਮੁਤਾਬਕ, "ਸ਼ੁਕਰਚੱਕੀਆ ਮਿਸਲ ਦਾ ਇਹ ਨੌਜਵਾਨ ਵਾਰਸ ਕੱਦ ਵਿੱਚ ਛੋਟਾ ਸੀ, ਉਸ ਦੀ ਖੱਬੀ ਅੱਖ ਖ਼ਰਾਬ ਸੀ ਅਤੇ ਚੇਚਕ ਦੇ ਦਾਗ਼ਾਂ ਕਾਰਨ ਉਸ ਦਾ ਚਿਹਰਾ ਵੀ ਪ੍ਰਭਾਵਿਤ ਸੀ।" ਉਹ ਲਿਖਦੇ ਹਨ ਕਿ ਅਜਿਹਾ ਲੱਗਦਾ ਸੀ ਕਿ ਉਸ ਵਿੱਚ ਇੱਕ ਮਹਾਨ ਸਾਮਰਾਜ ਸਥਾਪਤ ਕਰਨ ਵਾਲੇ ਵਿਅਕਤੀ ਵਜੋਂ ਉੱਭਰਨ ਦੀ ਕੋਈ ਖ਼ਾਸ ਸਮਰੱਥਾ ਨਹੀਂ ਸੀ। ਆਪਣੇ ਲੇਖ ਵਿੱਚ ਮੈਥਿਊ ਦੱਸਦੇ ਹਨ ਕਿ ਜੇਕਰ ਰਣਜੀਤ ਸਿੰਘ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਤੋਂ ਬਾਅਦ ਇੱਕ ਆਉਣ ਵਾਲੀਆਂ ਪ੍ਰਭਾਵਸ਼ਾਲੀ ਮਹਿਲਾ ਰਿਸ਼ਤੇਦਾਰਾਂ ਦਾ ਸਾਥ ਅਤੇ ਸਰਪ੍ਰਸਤੀ ਨਾ ਮਿਲੀ ਹੁੰਦੀ ਤਾਂ ਸੰਭਵ ਹੈ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਤਾਕਤ ਖ਼ਤਮ ਹੋ ਜਾਂਦੀ। ਉਹ ਲਿਖਦੇ ਹਨ, "ਸ਼ੁਰੂਆਤ ਵਿੱਚ ਉਨ੍ਹਾਂ ਦੀ ਮਾਂ ਰਾਜ ਕੌਰ ਨੇ ਰਾਜਕਾਜ ਦੀ ਕਾਰਜਕਾਰੀ ਮੁਖੀ ਅਤੇ ਸਲਾਹਕਾਰ ਵਜੋਂ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ। 1796 ਵਿੱਚ ਰਣਜੀਤ ਸਿੰਘ ਨੇ ਕਨ੍ਹਈਆ ਮਿਸਲ ਦੇ ਗੁਰਬਖ਼ਸ਼ ਦੀ ਧੀ ਮਹਿਤਾਬ ਕੌਰ ਨਾਲ ਵਿਆਹ ਕਰਵਾਇਆ। ਪਰ ਇਸ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਮਾਂ ਦੀ ਭੂਮਿਕਾ ਬਣੀ ਰਹੀ।" 1798 ਵਿੱਚ ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ ਰਣਜੀਤ ਸਿੰਘ ਨੇ ਆਪਣੀ ਸੱਸ ਰਾਣੀ ਸਦਾ ਕੌਰ ਤੋਂ ਸਲਾਹ ਲੈਣੀ ਸ਼ੁਰੂ ਕੀਤੀ। ਉਹ ਖ਼ੁਦ ਕਨ੍ਹਈਆ ਮਿਸਲ ਦੀ ਸ਼ਾਸਕ ਸਨ ਅਤੇ ਇੱਕ ਸਿੱਖ ਯੋਧਾ ਸਰਦਾਰ ਵਿੱਚ ਹੋਣ ਵਾਲੇ ਸਾਰੇ ਗੁਣਾਂ ਨਾਲ ਭਰਪੂਰ ਸਨ। ਇਸ ਤੋਂ ਇੱਕ ਸਾਲ ਪਹਿਲਾਂ ਹੀ ਰਣਜੀਤ ਸਿੰਘ ਨੇ ਅਫ਼ਗਾਨ ਦੁਰਾਨੀ ਸਾਮਰਾਜ ਦੇ ਸ਼ਾਸਕ ਜ਼ਮਾਨ ਸ਼ਾਹ ਦੇ ਹਮਲੇ ਨੂੰ ਨਾਕਾਮ ਕਰਨ ਲਈ ਫ਼ੌਜ ਦੀ ਅਗਵਾਈ ਕਰਦਿਆਂ ਆਪਣੀ ਸਮਰੱਥਾ ਸਾਬਤ ਕਰਨੀ ਸ਼ੁਰੂ ਕਰ ਦਿੱਤੀ ਸੀ। 1798 ਵਿੱਚ ਅਫ਼ਗਾਨਾਂ ਵਿਰੁੱਧ ਮਿਲੀ ਜਿੱਤ ਨੇ ਪੰਜਾਬ ਵਿੱਚ ਇੱਕ ਪ੍ਰਮੁੱਖ ਫ਼ੌਜੀ ਕਮਾਂਡਰ ਵਜੋਂ ਉਨ੍ਹਾਂ ਦੀ ਵਧਦੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ।
ਉਸ ਸਮੇਂ ਲਾਹੌਰ 'ਤੇ ਲਹਿਣਾ ਸਿੰਘ, ਗੁੱਜਰ ਸਿੰਘ ਅਤੇ ਸੋਭਾ ਸਿੰਘ ਨਾਮ ਦੇ ਸ਼ਾਸਕਾਂ ਦਾ ਸਾਂਝਾ ਰਾਜ ਸੀ। ਸੱਯਦ ਮੁਹੰਮਦ ਲਤੀਫ਼ ਆਪਣੀ ਕਿਤਾਬ 'ਹਿਸਟਰੀ ਆਫ਼ ਦ ਪੰਜਾਬ
