ਅਫ਼ਗਾਨਿਸਤਾਨ ਨੂੰ ਲੰਬੇ ਸਮੇਂ ਤੋਂ ਕੁਦਰਤੀ ਸਰੋਤਾਂ ਨਾਲ ਮਾਲਾਮਾਲ ਦੇਸ਼ ਮੰਨਿਆ ਜਾਂਦਾ ਹੈ, ਪਰ ਉਸ ਦੀ ਆਰਥਿਕਤਾ ਕਮਜ਼ੋਰ ਬਣੀ ਹੋਈ ਹੈ। ਦੇਸ਼ ਵਿੱਚ ਤੇਲ, ਗੈਸ, ਧਾਤਾਂ ਅਤੇ ਹੋਰ ਖਣਿਜ ਸਰੋਤਾਂ ਦੀ ਕੀਮਤ ਤਿੰਨ ਟ੍ਰਿਲੀਅਨ ਡਾਲਰ ਤੋਂ ਵੱਧ ਮੰਨੀ ਜਾਂਦੀ ਹੈ। ਇਨ੍ਹਾਂ ਸਰੋਤਾਂ ਦਾ ਵੱਡਾ ਹਿੱਸਾ ਅਜੇ ਵੀ ਜ਼ਮੀਨ ਹੇਠ ਹੈ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਨਹੀਂ ਹੋਇਆ। ਬੀਬੀਸੀ ਫੈਕਟ ਚੈੱਕ ਦੀ ਇੱਕ ਰਿਪੋਰਟ ਵਿੱਚ ਵੱਖ-ਵੱਖ ਸੂਬਿਆਂ ਵਿੱਚ ਮੌਜੂਦ ਖਣਿਜ ਭੰਡਾਰਾਂ ਅਤੇ ਖਾਣਾਂ ਦੀ ਸਥਿਤੀ ਦੀ ਜਾਂਚ ਕੀਤੀ ਗਈ ਹੈ।
ਅਫ਼ਗਾਨਿਸਤਾਨ ਦੇ ਖਣਿਜ ਭੰਡਾਰਾਂ ਬਾਰੇ ਪਹਿਲੀ ਵੱਡੇ ਪੱਧਰ ਦੀ ਖੋਜ ਸਾਬਕਾ ਸੋਵੀਅਤ ਸੰਘ ਦੇ ਦੌਰ ਵਿੱਚ ਕੀਤੀ ਗਈ ਸੀ। ਉਸ ਸਮੇਂ ਦੇਸ਼ ਦੇ ਵੱਖ-ਵੱਖ ਇਲਾਕਿਆਂ ਦਾ ਭੂ-ਵਿਗਿਆਨਕ ਨਕਸ਼ਾ ਤਿਆਰ ਕੀਤਾ ਗਿਆ, ਚੱਟਾਨਾਂ ਅਤੇ ਜ਼ਮੀਨ ਹੇਠਲੀਆਂ ਪਰਤਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਹਵਾਈ ਸਰਵੇਖਣ ਕੀਤੇ ਗਏ। ਇਨ੍ਹਾਂ ਵਿੱਚੋਂ ਕੁਝ ਦਸਤਾਵੇਜ਼ ਅਫ਼ਗਾਨਿਸਤਾਨ ਦੇ ਖਣਨ ਮੰਤਰਾਲੇ ਦੀ ਲਾਇਬ੍ਰੇਰੀ ਵਿੱਚ ਸੁਰੱਖਿਅਤ ਹਨ, ਜਦਕਿ ਕੁਝ ਹੋਰ ਦਸਤਾਵੇਜ਼ ਸੋਵੀਅਤ ਸੰਘ ਦੀ ਵਾਪਸੀ ਤੋਂ ਬਾਅਦ ਰੂਸ ਲਿਆਂਦੇ ਗਏ ਸਨ। ਇਸ ਤੋਂ ਬਾਅਦ ਵੀ ਖੋਜ ਦਾ ਸਿਲਸਿਲਾ ਜਾਰੀ ਰਿਹਾ। ਮਿਸਾਲ ਵਜੋਂ ਸਾਲ 2007 ਵਿੱਚ ਇੱਕ ਸਰਵੇਖਣ ਕੀਤਾ ਗਿਆ ਅਤੇ 2011 ਵਿੱਚ ਅਫ਼ਗਾਨਿਸਤਾਨ ਦੇ ਭੂ-ਵਿਗਿਆਨਕ ਸਰਵੇਖਣ ਅਤੇ ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਵੀ ਅਧਿਐਨ ਕੀਤਾ। ਇਨ੍ਹਾਂ ਜਾਂਚਾਂ ਦੇ ਆਧਾਰ 'ਤੇ ਦੇਸ਼ ਵਿੱਚ ਸੋਨਾ, ਤਾਂਬਾ, ਲੋਹਾ, ਐਲੂਮੀਨੀਅਮ, ਸੀਸਾ, ਜ਼ਿੰਕ, ਟਿਨ, ਟੰਗਸਟਨ ਅਤੇ ਪਾਰਾ ਦੇ ਭੰਡਾਰਾਂ ਦੀ ਪਛਾਣ ਕੀਤੀ ਗਈ ਹੈ, ਜਦਕਿ ਤੇਲ ਅਤੇ ਗੈਸ ਦੇ ਭੰਡਾਰ ਵੀ ਮੌਜੂਦ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਦਾ ਮਕਸਲ ਅਫ਼ਗਾਨਿਸਤਾਨ ਦੇ ਖਣਿਜ ਭੰਡਾਰਾਂ ਦੀ ਸਪੱਸ਼ਟ ਤਸਵੀਰ ਪੇਸ਼ ਕਰਨਾ ਹੈ। ਇਸ ਲਈ ਖਣਨ ਮੰਤਰਾਲੇ ਦੇ ਰਿਕਾਰਡਾਂ ਦੇ ਦਸਤਾਵੇਜ਼ਾਂ ਅਤੇ ਜਾਣਕਾਰੀਆਂ ਦੀ ਸਮੀਖਿਆ ਕੀਤੀ ਗਈ ਅਤੇ ਭੂ-ਵਿਗਿਆਨ ਤੇ ਖਣਿਜ ਸਰੋਤਾਂ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਅਧਿਕਾਰਤ ਤੇ ਮਾਹਰ ਸੰਸਥਾਵਾਂ ਦੀਆਂ ਰਿਪੋਰਟਾਂ, ਸਰਵੇਖਣਾਂ ਅਤੇ ਅੰਕੜੇ ਵੀ ਦੇਖੇ ਗਏ। ਜਿੱਥੇ ਵੱਖ-ਵੱਖ ਸੰਸਥਾਵਾਂ ਦੇ ਅੰਕੜਿਆਂ ਅਤੇ ਅਨੁਮਾਨਾਂ ਵਿੱਚ ਅੰਤਰ ਮਿਲਿਆ, ਉੱਥੇ ਹਰ ਅਨੁਮਾਨ ਦੇ ਸਰੋਤ ਅਤੇ ਆਧਾਰ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਜੋ ਪ੍ਰਮਾਣਿਤ ਭੰਡਾਰਾਂ ਅਤੇ ਸੰਭਾਵੀ ਖਣਿਜ ਸਰੋਤਾਂ ਦੇ ਅਨੁਮਾਨਾਂ ਵਿਚਕਾਰ ਅੰਤਰ ਸਪੱਸ਼ਟ ਰਹੇ। ਰਿਪੋਰਟ ਵਿੱਚ ਕੁਦਰਤੀ ਸਰੋਤਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ: ਧਾਤਾਂ, ਕੀਮਤੀ ਪੱਥਰ, ਦੁਰਲੱਭ ਤੱਤ, ਅਤੇ ਤੇਲ, ਗੈਸ ਤੇ ਕੋਲਾ।
ਇੱਕ ਅਨੁਮਾਨ ਮੁਤਾਬਕ ਅਫ਼ਗਾਨਿਸਤਾਨ ਵਿੱਚ ਸੋਨੇ ਦਾ ਕੁੱਲ ਭੰਡਾਰ ਲਗਭਗ 682 ਟਨ ਹੈ। ਦੇਸ਼ ਵਿੱਚ ਸੋਨੇ ਦੀਆਂ ਜ਼ਿਆਦਾਤਰ ਖਾਣਾਂ ਬਦਖ਼ਸ਼ਾਂ ਅਤੇ ਤਖ਼ਾਰ ਦੇ ਕੁਝ ਇਲਾਕਿਆਂ ਵਿੱਚ ਹਨ, ਜਦਕਿ ਜ਼ਾਬੁਲ ਅਤੇ ਗ਼ਜ਼ਨੀ ਵਿੱਚ 2,700 ਕਿਲੋਗ੍ਰਾਮ ਸ਼ੁੱਧ ਸੋਨੇ ਦੇ ਭੰਡਾਰ ਦੀ ਪਛਾਣ ਕੀਤੀ ਗਈ ਹੈ। ਤਖ਼ਾਰ ਸੂਬੇ ਵਿੱਚ 'ਚਾ ਆਬ' ਨਾਂ ਦੀ ਸੋਨੇ ਦੀ ਖਾਣ ਹੈ, ਜਿਸ ਵਿੱਚ 31 ਟਨ ਸੋਨੇ ਦਾ ਭੰਡਾਰ ਹੋਣ ਦਾ ਅਨੁਮਾਨ ਹੈ। ਇਸ ਖਾਣ ਦਾ ਠੇਕਾ ਪੰਜ ਸਾਲਾਂ ਲਈ ਦੋ ਕੰਪਨ
