ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲੀਪੀਨਜ਼ ਦੇ ਸਭ ਤੋਂ ਪੁਰਾਣੇ ਗੁਰਦੁਆਰੇ, ਖਾਲਸਾ ਦੀਵਾਨ ਮਨੀਲਾ ਦੀ ਮੁੜ ਉਸਾਰੀ ਲਈ ਨੀਂਹ ਪੱਥਰ ਰੱਖਿਆ। ਉਹ ਆਸੀਆਨ ਅਤੇ ਈਸਟ ਏਸ਼ੀਆ ਸੰਮੇਲਨਾਂ ਲਈ ਫਿਲੀਪੀਨਜ਼ ਦੇ ਦੌਰੇ ਉੱਤੇ ਹਨ। ਪ੍ਰੈੱਸ ਇਨਫਰਮੇਸ਼ਨ ਬਿਊਰੋ ਮੁਤਾਬਕ ਇਹ ਗੁਰਦੁਆਰਾ 1901 ਵਿੱਚ ਸਥਾਪਤ ਹੋਇਆ, 1903 ਵਿੱਚ ਇਸ ਦਾ ਰਸਮੀ ਤੌਰ 'ਤੇ ਪ੍ਰਬੰਧ ਹੋਇਆ ਅਤੇ 1924 ਵਿੱਚ ਖਾਲਸਾ ਦੀਵਾਨ ਵਜੋਂ ਰਜਿਸਟਰ ਹੋਇਆ। ਗੁਰਦੁਆਰੇ ਪਹੁੰਚਣ ਤੋਂ ਬਾਅਦ ਮੋਦੀ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਕਿ ਉਹ ਇੱਥੇ ਆ ਕੇ ਬਹੁਤ ਵਡਭਾਗਾ ਮਹਿਸੂਸ ਕਰ ਰਹੇ ਹਨ। ਇਹ ਗੁਰਦੁਆਰਾ ਮਨੀਲਾ ਦੇ ਪਾਕੋ ਇਲਾਕੇ ਵਿੱਚ ਯੂਨਾਈਟਿਡ ਨੇਸ਼ਨਜ਼ ਐਵੇਨਿਊ ਉੱਤੇ ਸਥਿਤ ਹੈ।

ਗੁਰਦੁਆਰੇ ਦੀ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਦਲਵੀਰ ਸਿੰਘ ਧਾਲੀਵਾਲ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਇੱਥੇ ਇੱਕ ਘਰ ਕਿਰਾਏ ਉੱਤੇ ਲੈ ਕੇ ਗੁਰਦੁਆਰਾ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਜਗ੍ਹਾ ਖਰੀਦ ਕੇ ਉਸਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਗੁਰਦੁਆਰਾ ਸਿੰਧੀ ਅਤੇ ਪੰਜਾਬੀ ਭਾਈਚਾਰੇ ਨੇ ਇਕੱਠਿਆਂ ਬਣਾਇਆ ਸੀ ਅਤੇ ਇਸ ਨੂੰ ਟੈਂਪਲ ਆਫ਼ ਇੰਡੀਅਨ ਕਿਹਾ ਜਾਂਦਾ ਸੀ। ਬਾਅਦ ਵਿੱਚ ਸਿੰਧੀ ਵੱਖ ਹੋ ਗਏ ਅਤੇ ਇਸ ਦਾ ਨਾਮ ਖਾਲਸਾ ਦੀਵਾਨ ਇੰਡੀਅਨ ਸਿੱਖ ਟੈਂਪਲ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਪੁਰਾਣਾ ਢਾਂਚਾ ਕਮਜ਼ੋਰ ਹੋ ਚੁੱਕਾ ਸੀ, ਇਸ ਲਈ ਲੋਕਾਂ ਦੀ ਮੰਗ ਸੀ ਕਿ ਨਵੀਂ ਇਮਾਰਤ ਬਣਾਈ ਜਾਵੇ।

ਕਰੀਬ 40 ਸਾਲ ਪਹਿਲਾਂ ਫਿਲੀਪੀਨਜ਼ ਆਏ ਖਾਲਸਾ ਦੀਵਾਨ ਮਨੀਲਾ ਦੇ ਪ੍ਰਧਾਨ ਮਨਜਿੰਦਰ 'ਜੇਮਸ' ਕੁਮਾਰ ਨੇ ਦੱਸਿਆ ਕਿ ਨਵੇਂ ਗੁਰਦੁਆਰੇ ਦੀ ਇਮਾਰਤ ਪੰਜ ਮੰਜ਼ਿਲੀ ਹੋਵੇਗੀ ਜਿਸ ਵਿੱਚ ਅੰਦਾਜ਼ਨ ਖਰਚਾ 50 ਕਰੋੜ ਪੇਸੋ ਆਵੇਗਾ। ਉਨ੍ਹਾਂ ਦੱਸਿਆ ਕਿ ਉਸਾਰੀ ਦਾ ਕੰਮ ਸਾਲ 2029 ਵਿੱਚ ਪੂਰਾ ਹੋਵੇਗਾ ਅਤੇ ਇਸ ਦੇ ਖਰਚੇ ਵਿੱਚ ਸਾਰੇ ਭਾਈਚਾਰਿਆਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ।

2009 ਵਿੱਚ ਗੁਰਦੁਆਰਾ ਕਮੇਟੀ ਦੇ ਮੈਂਬਰ ਰਹੇ ਸੌਦਾਗਰ ਸਿੰਘ ਦੱਸਦੇ ਹਨ ਕਿ ਫਿਲੀਪੀਨਜ਼ ਵਿੱਚ 40 ਤੋਂ ਵੱਧ ਗੁਰਦੁਆਰੇ ਹਨ, ਪਰ ਰਾਜਧਾਨੀ ਦੇ ਕੇਂਦਰੀ ਇਲਾਕੇ ਵਿੱਚ ਸਥਿਤ ਖਾਲਸਾ ਦੀਵਾਨ ਮਨੀਲਾ ਭਾਈਚਾਰੇ ਦਾ ਅਹਿਮ ਕੇਂਦਰ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਇਮਾਰਤ ਦੀਆਂ ਕੰਧਾਂ ਕੰਕਰੀਟ ਦੀਆਂ ਸਨ ਜਦਕਿ ਅੰਦਰੂਨੀ ਹਿੱਸਾ, ਦੂਜੀ ਮੰਜ਼ਿਲ ਅਤੇ ਛੱਤ ਲੱਕੜ ਦੀ ਬਣੀ ਹੋਈ ਸੀ। ਪਹਿਲਾਂ ਇਸ ਦੀ ਮੁਰੰਮਤ ਦੀ ਯੋਜਨਾ ਸੀ, ਪਰ ਹੁਣ ਗੁਰਦੁਆਰੇ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ। ਦਲਵੀਰ ਸਿੰਘ ਦੱਸਦੇ ਹਨ ਕਿ ਫਿਲੀਪੀਨਜ਼ ਵਿੱਚ ਰਹਿੰਦੇ ਪੰਜਾਬੀ ਟ੍ਰੈਵਲ ਏਜੰਸੀਆਂ, ਰੈਸਟੋਰੈਂਟਾਂ, ਟੈਕਸੀਆਂ ਅਤੇ ਹੋਰ ਕੰਮਾਂ ਨਾਲ ਵੀ ਜੁੜੇ ਹੋਏ ਹਨ। ਕਰੀਬ 32 ਸਾਲ ਪਹਿਲਾਂ ਮਨੀਲਾ ਆ ਕੇ ਵਸੇ ਸੌਦਾਗਰ ਸਿੰਘ ਦੱਸਦੇ ਹਨ ਕਿ ਮਨੀਲਾ ਵਿੱਚ ਪੰਜਾਬੀਆਂ ਸਣੇ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਗੁਰਪੁਰਬ ਮੌਕੇ ਨਗਰ ਕੀਰਤਨਾਂ ਵਿੱਚ ਕਾਫ਼ੀ ਰੌਣਕ ਦੇਖਣ ਨੂੰ ਮਿਲਦੀ ਹੈ।

ਆਪਣੀ ਕਿਤਾਬ 'ਸਿੱਖਸ ਇਨ ਏਸ਼ੀਆ ਪੈਸਿਫਿਕ' ਵਿੱਚ ਸਵਰਨ ਸਿੰਘ ਕਾਹਲੋਂ ਨੇ ਪੰਜਾਬ ਤੋਂ ਫਿਲੀਪੀਨਜ਼ ਵਿੱਚ ਹੋਏ ਪਰਵਾਸ ਦੀ ਕਹਾਣੀ ਲਿਖੀ ਹੈ। ਉ