ਬੰਗਲਾਦੇਸ਼-ਭਾਰਤ ਸਰਹੱਦ ਨਾਲ ਲੱਗਦੇ ਜਮਾਲਪੁਰ ਜ਼ਿਲ੍ਹੇ ਦੇ ਦੇਵਾਨਗੰਜ ਉਪਜ਼ਿਲ੍ਹਾ ਦੇ ਪਾਥਰਰ ਚਰ ਸਰਹੱਦੀ ਖੇਤਰ ਵਿੱਚ ਇੱਕ ਔਰਤ ਪਿਛਲੇ ਪੰਜ ਦਿਨਾਂ ਤੋਂ ਨੋ-ਮੈਨਜ਼ ਲੈਂਡ ਭਾਵ ਜ਼ੀਰੋ ਲਾਈਨ 'ਤੇ ਖੁੱਲ੍ਹੇ ਆਸਮਾਨ ਹੇਠ ਸੁੱਕੇ ਘਾਹ 'ਤੇ ਪਤਲੇ ਕੰਬਲ ਨਾਲ ਰਹਿਣ ਲਈ ਮਜਬੂਰ ਹੈ। ਸਰਹੱਦ ਦੇ ਦੋਵੇਂ ਪਾਸੇ ਬੰਗਲਾਦੇਸ਼ ਦੀ ਸਰਹੱਦੀ ਸੁਰੱਖਿਆ ਬਲ ਬੀਜੀਬੀ ਅਤੇ ਭਾਰਤੀ ਸਰਹੱਦੀ ਸੁਰੱਖਿਆ ਬਲ ਬੀਐੱਸਐੱਫ਼ ਦੇ ਜਵਾਨ ਸਖ਼ਤ ਰੁਖ਼ ਅਪਣਾਈ ਬੈਠੇ ਹਨ ਅਤੇ ਦੋਵਾਂ ਵਿੱਚੋਂ ਕੋਈ ਵੀ ਧਿਰ ਔਰਤ ਨੂੰ ਆਪਣੇ ਇਲਾਕੇ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦੇ ਰਹੀ।
ਬੀਜੀਬੀ ਦਾ ਕਹਿਣਾ ਹੈ ਕਿ ਬੀਐੱਸਐੱਫ਼ ਨੇ ਔਰਤ ਨੂੰ ਜ਼ਬਰਦਸਤੀ ਬੰਗਲਾਦੇਸ਼ ਵਿੱਚ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਸਥਾਨਕ ਵਸਨੀਕਾਂ ਅਤੇ ਬੀਜੀਬੀ ਨੇ ਰੋਕ ਦਿੱਤਾ। ਜਮਾਲਪੁਰ 35 ਬੀਜੀਬੀ ਦੇ ਕਮਾਂਡਰ ਲੈਫਟੀਨੈਂਟ ਕਰਨਲ ਹਸਨੁਰ ਰਹਿਮਾਨ ਨੇ ਬੀਬੀਸੀ ਬਾਂਗਲਾ ਨੂੰ ਦੱਸਿਆ ਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਔਰਤ ਨੂੰ ਧੱਕ ਕੇ ਭੇਜਿਆ ਗਿਆ ਸੀ, ਪਰ ਬੀਐੱਸਐੱਫ਼ ਇਸ ਨੂੰ ਸਵੀਕਾਰ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਦੋਵਾਂ ਬਲਾਂ ਵਿਚਾਲੇ ਗੱਲਬਾਤ ਜਾਰੀ ਹੈ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਇਸ ਮਾਮਲੇ 'ਤੇ ਖ਼ਬਰ ਲਿਖੇ ਜਾਣ ਤੱਕ ਬੀਐੱਸਐੱਫ਼ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ।
ਜਮਾਲਪੁਰ ਦੇ ਪੱਤਰਕਾਰ ਜੀਐੱਮ ਫਾਤਿਉਲ ਹਾਫਿਜ਼ ਬਾਬੂ ਨੇ ਬੀਬੀਸੀ ਬਾਂਗਲਾ ਨੂੰ ਦੱਸਿਆ ਕਿ ਔਰਤ ਨੇ ਆਪਣਾ ਨਾਂ ਫੁਜੀ ਬੇਗ਼ਮ, ਪਿਤਾ ਦਾ ਨਾਂ ਹਨੀਫ਼ ਅਤੇ ਉਮਰ ਲਗਭਗ 30 ਸਾਲ ਦੱਸੀ ਹੈ। ਉਸ ਨੇ ਇੱਕ ਵਾਰ ਆਪਣਾ ਘਰ ਬੰਗਲਾਦੇਸ਼ ਦੇ ਪਿਰੋਜਪੁਰ ਜ਼ਿਲ੍ਹੇ ਵਿੱਚ, ਫਿਰ ਝਾਲੋਕਾਠੀ ਅਤੇ ਇੱਕ ਵਾਰ ਬਰੀਸ਼ਾਲ ਦੱਸਿਆ। ਸ੍ਰੀ ਬਾਬੂ ਦਾ ਕਹਿਣਾ ਹੈ ਕਿ ਔਰਤ ਦੀਆਂ ਗੱਲਾਂ ਵਿੱਚ ਇਕਸਾਰਤਾ ਨਹੀਂ ਹੈ ਅਤੇ ਉਹ ਉਨ੍ਹਾਂ ਨੂੰ ਅਸਾਧਾਰਨ ਲੱਗੀ। ਲੈਫਟੀਨੈਂਟ ਕਰਨਲ ਹਸਨੁਰ ਰਹਿਮਾਨ ਨੇ ਵੀ ਕਿਹਾ ਕਿ ਔਰਤ ਕੋਈ ਪੱਕਾ ਪਤਾ ਨਹੀਂ ਦੱਸ ਪਾ ਰਹੀ ਅਤੇ ਉਸ ਨਾਲ ਆਮ ਤਰੀਕੇ ਨਾਲ ਗੱਲਬਾਤ ਕਰਨਾ ਮੁਸ਼ਕਲ ਹੋ ਰਿਹਾ ਹੈ।
ਸਥਾਨਕ ਲੋਕਾਂ ਨੇ ਬੀਬੀਸੀ ਬਾਂਗਲਾ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੱਕ ਉਹ ਔਰਤ ਤੱਕ ਚੌਲ, ਬਿਸਕੁਟ ਅਤੇ ਬਰੈੱਡ ਵਰਗੀਆਂ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੇ ਸਨ, ਪਰ ਸ਼ੁੱਕਰਵਾਰ ਨੂੰ ਇਹ ਵੀ ਸੰਭਵ ਨਹੀਂ ਹੋ ਸਕਿਆ। ਪੱਤਰਕਾਰ ਫਰਹਾਦ ਰੇਜ਼ਾ ਨੇ ਦਾਅਵਾ ਕੀਤਾ ਕਿ ਬੀਜੀਬੀ ਨਾਲ ਗੱਲਬਾਤ ਕਰਕੇ ਸਥਾਨਕ ਲੋਕ ਔਰਤ ਤੱਕ ਸੁੱਕਾ ਖਾਣਾ ਅਤੇ ਪਾਣੀ ਦੀਆਂ ਬੋਤਲਾਂ ਪਹੁੰਚਾ ਰਹੇ ਸਨ, ਪਰ ਸ਼ੁੱਕਰਵਾਰ ਨੂੰ ਬੀਐੱਸਐੱਫ਼ ਨੇ ਇਸ 'ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਮੀਡੀਆ ਕਰਮੀ ਪਿਛਲੇ ਕੁਝ ਦਿਨਾਂ ਤੋਂ ਨੇੜੇ ਤੋਂ ਫੁਟੇਜ ਲੈ ਸਕਦੇ ਸਨ, ਪਰ ਸ਼ੁੱਕਰਵਾਰ ਤੋਂ ਉਨ੍ਹਾਂ ਨੂੰ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
