ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤਾ ਜਲਦੀ ਹੀ ਅੰਤਿਮ ਰੂਪ ਲੈਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਸਮਝੌਤੇ ਨਾਲ ਸਬੰਧਤ ਜ਼ਿਆਦਾਤਰ ਮੁੱਦੇ ਹੱਲ ਹੋ ਚੁੱਕੇ ਹਨ ਅਤੇ ਚਰਚਾ ਲਈ ਬਾਕੀ ਬਚੇ ਨੁਕਤੇ ਭਾਰਤੀ ਪੱਖ ਨਾਲੋਂ ਅਮਰੀਕੀ ਪੱਖ ਨਾਲ ਵਧੇਰੇ ਸਬੰਧਤ ਹਨ। 'ਹਿੰਦੁਸਤਾਨ ਟਾਈਮਜ਼' ਦੀ ਰਿਪੋਰਟ ਅਨੁਸਾਰ ਜੈਸ਼ੰਕਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਾ ਟੀਚਾ ਇੱਕ ਸੰਤੁਲਿਤ ਅਤੇ ਦੋਵਾਂ ਧਿਰਾਂ ਲਈ ਲਾਹੇਵੰਦ ਵਪਾਰਕ ਸਮਝੌਤਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਉਹ ਵਣਜ ਮੰਤਰੀ ਪੀਯੂਸ਼ ਗੋਇਲ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਦੀ ਸਮਝ ਅਨੁਸਾਰ ਜ਼ਿਆਦਾਤਰ ਮੁੱਦੇ ਹੱਲ ਹੋ ਚੁੱਕੇ ਹਨ, ਸਿਰਫ਼ ਕੁਝ ਨੁਕਤੇ ਹੀ ਬਾਕੀ ਹਨ। ਜੈਸ਼ੰਕਰ ਨੇ ਅੱਗੇ ਕਿਹਾ ਕਿ ਕਈ ਪੱਖਾਂ ਤੋਂ ਦੇਖਿਆ ਜਾਵੇ ਤਾਂ ਭਾਰਤੀ ਪੱਖ ਵੱਲ ਬਾਕੀ ਮੁੱਦੇ ਘੱਟ ਹਨ, ਕਿਉਂਕਿ ਭਾਰਤੀ ਪੱਖ ਦੇ ਮੁਕਾਬਲੇ ਅਮਰੀਕੀ ਪੱਖ ਨੂੰ ਵਧੇਰੇ ਤਬਦੀਲੀਆਂ ਜਾਂ ਸਮਾਯੋਜਨ ਦੀ ਲੋੜ ਸੀ। ਇਸ ਲਈ ਉਮੀਦ ਹੈ ਕਿ ਸਮਝੌਤਾ ਜਲਦੀ ਅੰਤਿਮ ਰੂਪ ਲੈ ਲਵੇਗਾ।
ਉਨ੍ਹਾਂ ਕਿਹਾ ਕਿ ਜਦੋਂ ਵੀ ਗੱਲਬਾਤ ਅੰਤਿਮ ਪੜਾਅ 'ਤੇ ਪਹੁੰਚਦੀ ਹੈ ਤਾਂ ਲੋਕ ਸੁਭਾਵਿਕ ਤੌਰ 'ਤੇ ਬੇਚੈਨ ਹੋ ਜਾਂਦੇ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਕਿਹੜੇ ਮੁੱਦੇ ਬਾਕੀ ਹਨ ਅਤੇ ਹੋਰ ਕਿੰਨਾ ਸਮਾਂ ਲੱਗੇਗਾ। ਹਾਲਾਂਕਿ ਗੱਲਬਾਤ ਵਿੱਚ ਸ਼ਾਮਲ ਅਧਿਕਾਰੀ ਆਮ ਤੌਰ 'ਤੇ ਅਜਿਹੀਆਂ ਵੇਰਵੇ ਵਾਲੀਆਂ ਗੱਲਾਂ ਉਦੋਂ ਤੱਕ ਜਨਤਕ ਨਹੀਂ ਕਰਦੇ ਜਦੋਂ ਤੱਕ ਪ੍ਰਕਿਰਿਆ ਚੱਲ ਰਹੀ ਹੁੰਦੀ ਹੈ। ਉਨ੍ਹਾਂ ਸਾਲਾਂ ਪਹਿਲਾਂ ਪ੍ਰਮਾਣੂ ਸਮਝੌਤੇ ਲਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਸਮੇਂ ਵੀ ਮਾਹੌਲ ਬਿਲਕੁਲ ਅਜਿਹਾ ਹੀ ਸੀ।
ਵਿਸ਼ਵ ਸਥਿਤੀ ਬਾਰੇ ਚਰਚਾ ਕਰਦਿਆਂ ਜੈਸ਼ੰਕਰ ਨੇ ਮੱਧ ਪੂਰਬ ਅਤੇ ਯੂਕਰੇਨ ਵਿੱਚ ਚੱਲ ਰਹੇ ਟਕਰਾਵਾਂ ਦੇ ਨਾਲ-ਨਾਲ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਪੈਦਾ ਹੋਏ ਸੰਕਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਵਿਵਸਥਾ ਇਸ ਸਮੇਂ ਇੱਕ ਵੱਡੇ ਬਦਲਾਅ ਵਿੱਚੋਂ ਲੰਘ ਰਹੀ ਹੈ ਜਿਸ ਦੌਰਾਨ ਨਵੀਆਂ ਤਾਕਤਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੀ ਦੁਸ਼ਮਣੀ ਮੌਜੂਦਾ ਤਣਾਅ ਦਾ ਇੱਕ ਕਾਰਨ ਜ਼ਰੂਰ ਹੈ, ਪਰ ਇਹ ਇਕਲੌਤਾ ਕਾਰਨ ਨਹੀਂ ਹੈ। ਜੈਸ਼ੰਕਰ ਅਨੁਸਾਰ ਅਜਿਹੇ ਚੁਣੌਤੀਪੂਰਨ ਸਮਿਆਂ ਦੌਰਾਨ ਮਜ਼ਬੂਤ ਅਤੇ ਸਥਿਰ ਅਗਵਾਈ ਹੋਣੀ ਬਹੁਤ ਜ਼ਰੂਰੀ ਹੈ।
