ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੋਂ ਬਾਅਦ 12 ਸਾਲਾਂ ਵਿੱਚ ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ 'ਤੇ 900 ਕਰੋੜ ਰੁਪਏ ਤੋਂ ਵੱਧ ਖਰਚ ਹੋਏ ਹਨ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਸੰਸਦ ਦੇ ਦੋਵਾਂ ਸਦਨਾਂ, ਲੋਕ ਸਭਾ ਅਤੇ ਰਾਜ ਸਭਾ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਦਿੱਤੀ ਹੈ। ਇਹ ਅੰਕੜਾ ਜੂਨ 2014 ਤੋਂ ਜੁਲਾਈ 2026 ਤੱਕ ਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ 81 ਦੇਸ਼ਾਂ ਦੇ 183 ਦੌਰੇ ਕੀਤੇ। ਜੁਲਾਈ ਤੋਂ ਹੁਣ ਤੱਕ ਤਿੰਨ ਹੋਰ ਦੌਰੇ ਕੀਤੇ ਗਏ ਹਨ, ਜਿਨ੍ਹਾਂ ਦੇ ਖਰਚੇ ਬਾਰੇ ਕੋਈ ਜਨਤਕ ਜਾਣਕਾਰੀ ਉਪਲਬਧ ਨਹੀਂ ਹੈ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਈ 2004 ਤੋਂ ਮਈ 2014 ਤੱਕ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ 96 ਦੇਸ਼ਾਂ ਦੀ ਯਾਤਰਾ ਕੀਤੀ ਸੀ। ਮਨਮੋਹਨ ਸਿੰਘ ਸਭ ਤੋਂ ਵੱਧ 10 ਵਾਰ ਅਮਰੀਕਾ ਗਏ ਸਨ। ਹਾਲਾਂਕਿ, ਉਨ੍ਹਾਂ ਦੇ ਵਿਦੇਸ਼ੀ ਦੌਰਿਆਂ 'ਤੇ ਹੋਏ ਕੁੱਲ ਖਰਚੇ ਦਾ ਪੂਰਾ ਵੇਰਵਾ ਉਪਲਬਧ ਨਹੀਂ ਹੈ, ਪਰ ਉਨ੍ਹਾਂ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਚਾਰਟਰਡ ਜਹਾਜ਼ਾਂ 'ਤੇ ਕਰੀਬ 795 ਕਰੋੜ ਰੁਪਏ ਖਰਚ ਹੋਏ ਸਨ।
ਵਿਦੇਸ਼ ਮੰਤਰਾਲੇ ਨੇ ਸੰਸਦ ਵਿੱਚ ਦੱਸਿਆ ਕਿ ਅਜਿਹੇ ਉੱਚ ਪੱਧਰੀ ਦੌਰੇ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਲਈ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦਾ ਮਕਸਦ ਦੁਵੱਲੇ, ਖੇਤਰੀ ਅਤੇ ਆਲਮੀ ਪੱਧਰ 'ਤੇ ਭਾਰਤ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਵੀ ਹੈ। ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਜਦੋਂ ਕਿਸੇ ਦੂਜੇ ਦੇਸ਼ ਦੇ ਦੌਰੇ 'ਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਸ ਦੇਸ਼ ਦਾ ਮਹਿਮਾਨ ਮੰਨਿਆ ਜਾਂਦਾ ਹੈ ਅਤੇ ਮੇਜ਼ਬਾਨ ਦੇਸ਼ ਦੀ ਸਰਕਾਰ ਉਨ੍ਹਾਂ ਦੇ ਠਹਿਰਨ ਅਤੇ ਦੂਜੀਆਂ ਸਹੂਲਤਾਂ ਦਾ ਖਰਚ ਚੁੱਕਦੀ ਹੈ। ਹਾਲਾਂਕਿ, ਇਨ੍ਹਾਂ ਦੌਰਿਆਂ 'ਤੇ ਨਾਲ ਜਾਣ ਵਾਲੇ ਅਧਿਕਾਰੀਆਂ ਅਤੇ ਸੁਰੱਖਿਆ ਵਿਵਸਥਾ 'ਤੇ ਭਾਰਤ ਸਰਕਾਰ ਖਰਚ ਕਰਦੀ ਹੈ।
ਮਾਰਚ 2025 ਵਿੱਚ ਦਿੱਤੇ ਇੱਕ ਵੱਖਰੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਨੇ 2022 ਤੋਂ 2024 ਦੇ ਵਿਚਕਾਰ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ 'ਤੇ ਹੋਏ ਖਰਚੇ ਦਾ ਵੇਰਵਾ ਦਿੱਤਾ ਸੀ, ਜਿਸ ਵਿੱਚ ਹੋਟਲ ਅਤੇ ਰਹਿਣ ਦੀ ਵਿਵਸਥਾ, ਪ੍ਰੋਗਰਾਮ ਵਾਲੀਆਂ ਥਾਵਾਂ ਦਾ ਖਰਚ, ਸੁਰੱਖਿਆ ਅਤੇ ਉਪਕਰਨ, ਆਵਾਜਾਈ ਅਤੇ ਹੋਰ ਖਰਚ ਸ਼ਾਮਲ ਸਨ। ਇਸ ਮੁਤਾਬਕ ਤਿੰਨ ਸਾਲਾਂ ਵਿੱਚ ਠਹਿਰਨ ਦੀ ਵਿਵਸਥਾ 'ਤੇ ਕਰੀਬ 104 ਕਰੋੜ ਰੁਪਏ, ਹੋਰ ਖਰਚਿਆਂ 'ਤੇ 75.7 ਕਰੋੜ ਰੁਪਏ, ਆਵਾਜਾਈ 'ਤੇ 71 ਕਰੋੜ ਰੁਪਏ ਅਤੇ ਪ੍ਰੋਗਰਾਮ ਵਾਲੀਆਂ ਥਾਵਾਂ ਅਤੇ ਸੁਰੱਖਿਆ ਤੇ ਉਪਕਰਨਾਂ 'ਤੇ ਕਰੀਬ 4-4 ਕਰੋੜ ਰੁਪਏ ਖਰਚ ਕੀਤੇ ਗਏ। ਸਾਰੇ 12 ਸਾਲਾਂ ਲਈ ਖਰਚੇ ਦਾ ਅਜਿਹਾ ਵਿਸਤ੍ਰਿਤ ਵੇਰਵਾ ਉਪਲਬਧ ਨਹੀਂ ਹੈ।
ਇਸ ਸਾਲ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਵਿਦੇਸ਼ੀ ਦੌਰੇ ਕਰ ਚੁੱਕੇ ਹਨ ਅਤੇ ਜੁਲਾਈ ਤੱਕ ਇਨ੍ਹਾਂ 'ਤੇ ਘੱਟੋ-ਘੱਟ 74.6 ਕਰੋੜ ਰੁਪਏ ਖਰਚ ਹੋਏ। ਜੁਲਾਈ ਤੋਂ ਬਾਅਦ ਹੋਏ ਤਿੰਨ ਵਿਦੇਸ਼ੀ ਦੌਰਿਆਂ ਦੇ ਖਰਚੇ ਦਾ ਵੇਰਵਾ ਜਨਤਕ ਰਿਕਾਰਡ ਵਿੱਚ ਉਪਲਬਧ ਨਹੀਂ ਹੈ। ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਧ ਵਿਦੇਸ਼ੀ ਦੌਰੇ 2015 ਵਿੱਚ ਹੋਏ ਸਨ, ਜਦੋਂ ਉਨ੍ਹਾਂ ਨੇ 28 ਵਾਰ ਵਿਦੇਸ਼ ਯਾਤਰਾ ਕੀਤੀ ਸੀ। ਉਸ ਸਾਲ ਉਹ ਅਮਰੀਕਾ, ਬ੍ਰਿਟੇਨ ਅਤੇ ਚੀਨ ਵਰਗੇ ਵੱਡੇ ਦੇਸ਼ਾਂ ਦੇ ਦੌਰੇ 'ਤੇ
